॥ ਸ਼੍ਰੀਸਵਾਮਿਨਾਰਾਇਣੋ ਵਿਜਯਤੇ ॥

॥ ਸਤਿਸੰਗ-ਦੀਕਸ਼ਾ ॥

ਪ੍ਰਕਾਸ਼ਨ ਸੰਬੰਧੀ

ਬ੍ਰਹਮਸਰੂਪ ਸ਼੍ਰੀਪ੍ਰਮੁਖਸੁਆਮੀਜੀ ਮਹਾਰਾਜ ਦੇ ਸ਼ਤਾਬਦੀ-ਪੁਰਬ 'ਤੇ, ਉਨ੍ਹਾਂ ਦੇ ਅਧਿਆਤਮਕ ਪੈਰੋਕਾਰ ਪ੍ਰਗਟ ਬ੍ਰਹਮਸਰੂਪ ਸ਼੍ਰੀਮਹੰਤਸੁਆਮੀਜੀ ਮਹਾਰਾਜ ਦੁਆਰਾ ਲਿਖਿਆ ਇਹ ਗ੍ਰੰਥ ਆਪ ਸਾਰਿਆਂ ਨੂੰ ਭੇਟਾ ਕਰਦੇ ਹੋਏ ਆਨੰਦ ਮਹਿਸੂਸ ਹੋ ਰਿਹਾ ਹੈ।

ਯੁੱਗਾਂ ਤੋਂ ਵਹਿ ਰਹੀ ਵੈਦਿਕ ਸਨਾਤਨ ਹਿੰਦੂ ਧਰਮ ਦੀ ਅਧਿਆਤਮਕ ਪਰੰਪਰਾ ਦਾ ਅਨੇਕ ਤਰ੍ਹਾਂ ਨਾਲ ਵਿਸਥਾਰ ਕਰਨ ਵਾਲੇ ਪਰਬ੍ਰਹਮ ਭਗਵਾਨ ਸ਼੍ਰੀਸੁਆਮੀਨਾਰਾਇਣ ਨੇ ਮੌਲਿਕ ਅਕਸ਼ਰਪੁਰਸ਼ੋਤਮ ਦਰਸ਼ਨ ਪ੍ਰਦਾਨ ਕਰ ਕੇ, ਕਲਿਆਣ ਦਾ ਇਕ ਸਦੀਵੀ ਮਾਰਗ ਖੋਲ੍ਹਿਆ ਹੈ। ਸ਼ਿਕਸ਼ਾਪਤ੍ਰੀ, ਵਚਨਾਮ੍ਰਿਤ ਆਦਿ ਗ੍ਰੰਥਾਂ ਦੀ ਭੇਂਟ ਦੇ ਕੇ ਉਨ੍ਹਾਂ ਨੇ ਬਹੁਜਨ ਦੀ ਭਲਾਈ ਲਈ ਸਰਵਉੱਤਮ ਆਚਾਰ, ਵਿਵਹਾਰ, ਵਿਚਾਰ ਅਤੇ ਅਧਿਆਤਮਕ ਸਾਧਨਾ ਦਾ ਜਿਹੜਾ ਮਾਰਗ-ਦਰਸ਼ਨ ਦਿੱਤਾ ਹੈ, ਉਸ ਵਿਚ ਵੇਦ-ਆਦਿ ਸਮੁੱਚੇ ਸ਼ਾਸਤਰਾਂ ਦਾ ਸਾਰ ਸੰਗ੍ਰਹਿਤ ਹੈ। ਉਸੇ ਪਰੰਪਰਾ ਦੀ ਪਾਲਣਾ ਕਰ ਕੇ, ਉਨ੍ਹਾਂ ਦੇ ਪੈਰੋਕਾਰ ਗੁਣਾਤੀਤ ਗੁਰੂਜਨਾਂ ਨੇ ਵੀ ਪਿਛਲੀਆਂ ਦੋ ਸਦੀਆਂ ਤੋਂ ਅਧਿਆਤਮਕ ਧਾਰਾ ਨੂੰ ਵਹਾ ਕੇ ਅਣਗਿਣਤ ਮੁਮੁਕਸ਼ੁਆਂ (ਮੁਕਤੀ-ਜਾਚਕਾਂ) ਨੂੰ ਅਧਿਆਤਮਕਤਾ ਦੇ ਸਿਖਰ 'ਤੇ ਬਿਰਾਜਮਾਨ ਕੀਤਾ ਹੈ ਅਤੇ ਅਣਗਿਣਤ ਮੁਮੁਕਸ਼ੁਆਂ ਨੂੰ ਬ੍ਰਹਮੀ ਅਵਸਥਾ ਪ੍ਰਾਪਤ ਕਰਵਾਈ ਹੈ।

ਮੌਜੂਦਾ ਸਮੇਂ ਵਿਚ ਮੁਮੁਕਸ਼ੁਆਂ ਨੂੰ ਅਨੁਭਵ ਪੂਰਨ ਅਧਿਆਤਮਕ ਮਾਰਗ-ਦਰਸ਼ਨ ਅਸਾਨੀ ਨਾਲ ਪ੍ਰਾਪਤ ਹੁੰਦਾ ਰਹੇ, ਇਸ ਲਈ ਸਮੁੱਚੇ ਗਿਆਨ ਦੀ ਧਾਰਾ ਨੂੰ ਸੰਖੇਪ ਵਿਚ ਇਕ ਹੀ ਥਾਂ ਇਕੱਠਾ ਕਰ ਕੇ, ਪ੍ਰਗਟ ਬ੍ਰਹਮਸਰੂਪ ਮਹੰਤਸੁਆਮੀਜੀ ਮਹਾਰਾਜ ਨੇ ਕੁੱਜੇ ਵਿਚ ਸਮੁੰਦਰ ਵਾਂਗ ਇਸ ਗ੍ਰੰਥ ਨੂੰ ਆਪਣੇ ਕਰ-ਕਮਲਾਂ ਨਾਲ ਲਿਖ ਕੇ ਸਾਨੂੰ ਦੈਵੀ ਉਪਹਾਰ ਦਿੱਤਾ ਹੈ।

ਇਸ ਗ੍ਰੰਥ ਦੀ ਰਚਨਾ ਦਾ ਆਰੰਭ ਉਨ੍ਹਾਂ ਨੇ ਨਵਸਾਰੀ ਵਿਚ, ਬਿਕਰਮੀ ਸੰਮਤ 2076, ਬਸੰਤ ਪੰਚਮੀ ਦੇ ਪਵਿੱਤਰ ਦਿਨ, ਅਕਸ਼ਰਪੁਰਸ਼ੋਤਮ ਦਰਸ਼ਨ ਦੇ ਪ੍ਰਬਲ ਮੋਢੀ ਬ੍ਰਹਮਸਰੂਪ ਸ਼ਾਸਤਰੀਜੀ ਮਹਾਰਾਜ ਦੇ ਪ੍ਰਕਾਸ਼ ਦਿਵਸ 'ਤੇ, 30 ਜਨਵਰੀ, 2020 ਨੂੰ ਕੀਤਾ ਸੀ ਅਤੇ ਭਗਵਾਨ ਸ਼੍ਰੀਸੁਆਮੀਨਾਰਾਇਣ ਦੀ ਪ੍ਰਕਾਸ਼ ਮਿਤੀ ਚੇਤਰ ਸ਼ੁਕਲ ਨੌਵੀਂ ਦੇ ਪਵਿੱਤਰ ਦਿਨ, 2 ਅਪਰੈਲ, 2020 ਨੂੰ ਇਸਦੀ ਸੰਪੂਰਨਤਾ ਹੋਈ ਸੀ। ਨਿਰੰਤਰ ਵਿਚਰਨ, ਨਿਰੰਤਰ ਚਲਾਇਮਾਨ ਸਤਿਸੰਗ ਕਾਰਜਕ੍ਰਮ, ਭਗਤਾਂ-ਸੰਤਾਂ ਦੇ ਨਾਲ ਨਿੱਤ ਮੇਲ-ਮਿਲਾਪ (ਨਿਯਮਿਤ ਭੇਂਟ, ਵਾਰਤਾ ਆਦਿ), ਨਿਰੰਤਰ ਪੱਤਰ-ਵਿਹਾਰ ਅਤੇ ਬੀ.ਏ.ਪੀ.ਐੱਸ.ਸੁਆਮੀਨਾਰਾਇਣ ਸੰਸਥਾ ਦੇ ਅਤਿਅੰਤ ਭਾਰੀ ਕੰਮ-ਕਾਜ ਕਰਨ ਦੇ ਨਾਲ-ਨਾਲ ਕਦੇ ਦੇਰ ਰਾਤ ਤਕ ਤਾਂ ਕਦੇ ਸਵੇਰੇ ਜਲਦੀ ਉਠ ਕੇ ਉਨ੍ਹਾਂ ਨੇ ਇਹ ਗ੍ਰੰਥ ਰਚਿਆ ਹੈ। ਇਹ ਗ੍ਰੰਥ ਲਿਖਣ ਦੇ ਬਾਅਦ ਉਨ੍ਹਾਂ ਨੇ ਸੰਸਥਾ ਦੇ ਵਿਦਵਾਨ ਸੰਤਾਂ ਦੇ ਨਾਲ ਵਿਚਾਰ-ਵਟਾਂਦਰਾ ਕਰ ਕੇ ਲੋੜ ਅਨੁਸਾਰ ਭਾਸ਼ਾ ਨੂੰ ਪ੍ਰਭਾਵਸ਼ਾਲੀ ਬਣਾਉਣ ਦੇ ਲਈ ਉਨ੍ਹਾਂ ਦੀਆਂ ਸੇਵਾਵਾਂ ਵੀ ਲਈਆਂ ਹਨ, ਜਿਨ੍ਹਾਂ ਵਿਚ ਪੂਜਨੀਕ ਈਸ਼ਵਰਚਰਣਦਾਸ ਸੁਆਮੀ, ਪੂਜਨੀਕ ਵਿਵੇਕਸਾਗਰਦਾਸ ਸੁਆਮੀ, ਪੂਜਨੀਕ ਆਤਮ-ਸਵਰੂਪਦਾਸ ਸੁਆਮੀ, ਪੂਜਨੀਕ ਆਨੰਦ-ਸਵਰੂਪਦਾਸ ਸੁਆਮੀ, ਪੂਜਨੀਕ ਨਾਰਾਇਣਮੁਨੀਦਾਸ ਸੁਆਮੀ, ਪੂਜਨੀਕ ਭਦ੍ਰੇਸ਼ਦਾਸ ਸੁਆਮੀ ਆਦਿ ਸੰਤਾਂ ਦੇ ਨਾਂ ਵਰਣਨਯੋਗ ਹਨ।

ਇਸ 'ਸਤਿਸੰਗ-ਦੀਕਸ਼ਾ ਗ੍ਰੰਥ' ਨੂੰ 'ਅਕਸ਼ਰ-ਪੁਰਸ਼ੋਤਮ ਸੰਹਿਤਾ' ਨਾਂ ਦੇ ਸ਼ਾਸਤਰ ਦੇ ਇਕ ਭਾਗ ਦੇ ਤੌਰ 'ਤੇ ਸ਼ਾਮਲ ਕੀਤਾ ਗਿਆ ਹੈ। 'ਅਕਸ਼ਰਪੁਰਸ਼ੋਤਮ ਸੰਹਿਤਾ' ਭਗਵਾਨ ਸ਼੍ਰੀਸੁਆਮੀਨਾਰਾਇਣ-ਪ੍ਰਬੋਧਿਤ ਤੱਤ-ਗਿਆਨ ਅਤੇ ਭਗਤੀ ਦੀ ਪਰੰਪਰਾ ਨੂੰ ਵਿਸਤ੍ਰਿਤ ਤੌਰ 'ਤੇ ਨਿਰੂਪਿਤ ਕਰਨ ਵਾਲਾ ਸੰਸਕ੍ਰਿਤ ਸ਼ਾਸਤਰ ਹੈ। ਸੰਸਥਾ ਦੇ ਵਿਦਵਾਨ ਸੰਤ ਮਹਾਮਹੋਪਾਧਿਆਇ ਪੂਜਨੀਕ ਭਦ੍ਰੇਸ਼ਦਾਸ ਸੁਆਮੀਜੀ ਨੇ ਪਰਮ ਪੂਜਨੀਕ ਮਹੰਤਸੁਆਮੀਜੀ ਮਹਾਰਾਜ ਦੀ ਆਗਿਆ ਨਾਲ 'ਸਤਿਸੰਗ-ਦੀਕਸ਼ਾ' ਸ਼ਾਸਤਰ ਨੂੰ ਸੰਸਕ੍ਰਿਤ-ਸ਼ਲੋਕਾਂ ਦੇ ਤੌਰ 'ਤੇ ਪਰੋਇਆ ਹੈ। ਪਰਮ ਪੂਜਨੀਕ ਮਹੰਤਸੁਆਮੀਜੀ ਮਹਾਰਾਜ ਨੇ ਗ੍ਰੰਥ ਦੇ ਮੂਲ ਸ਼ਬਦਾਂ ਦੇ ਨਾਲ ਸੰਸਕ੍ਰਿਤ-ਸ਼ਲੋਕਾਂ ਦਾ ਭਲੀ-ਭਾਂਤ ਪਰੀਖਣ ਅਤੇ ਉਨ੍ਹਾਂ ਦੀ ਸਾਰਥਕਤਾ ਦਾ ਮੁਲਾਂਕਣ ਕਰ ਕੇ ਲੋੜੀਂਦੀਆਂ ਸੋਧਾਂ ਵੀ ਕੀਤੀਆਂ ਹਨ। ਇਸ ਤਰ੍ਹਾਂ ਇਸ ਗ੍ਰੰਥ ਦਾ ਅੰਤਿਮ ਸਰੂਪ ਉਜਾਗਰ ਹੋਇਆ।

ਵਰਤਮਾਨ ਵਿਚ, ਨੈਨਪੁਰ ਵਿਚ ਬਿਰਾਜਮਾਨ ਮਹੰਤਸੁਆਮੀਜੀ ਮਹਾਰਾਜ ਨੇ ਗੁਰੂ-ਪੂਰਨਿਮਾ ਦੇ ਪਵਿੱਤਰ ਮੌਕੇ 'ਤੇ, ਵੇਦ-ਵਿਧੀ ਅਨੁਸਾਰ ਵਿਧੀ-ਪੂਰਵਕ ਪੂਜਾ ਕਰ ਕੇ ਭਗਵਾਨ ਸ਼੍ਰੀਸੁਆਮੀਨਾਰਾਇਣ, ਅਕਸ਼ਰਬ੍ਰਹਮ ਸ਼੍ਰੀਗੁਣਾਤੀਤਾਨੰਦ ਸੁਆਮੀ, ਬ੍ਰਹਮਸਰੂਪ ਸ਼੍ਰੀਭਗਤਜੀ ਮਹਾਰਾਜ, ਬ੍ਰਹਮਸਰੂਪ ਸ਼੍ਰੀਸ਼ਾਸਤਰੀਜੀ ਮਹਾਰਾਜ, ਬ੍ਰਹਮਸਰੂਪ ਸ਼੍ਰੀਯੋਗੀਜੀ ਮਹਾਰਾਜ ਅਤੇ ਬ੍ਰਹਮਸਰੂਪ ਸ਼੍ਰੀਪ੍ਰਮੁਖਸੁਆਮੀਜੀ ਮਹਾਰਾਜ ਦੇ ਚਰਨਾਂ ਵਿਚ ਅਨੰਤ ਭਗਤੀ-ਭਾਵ ਨਾਲ ਇਹ ਗ੍ਰੰਥ ਭੇਟ ਕੀਤਾ।

ਇਸ ਗ੍ਰੰਥ ਦੀ ਭੇਂਟ ਦੇ ਕੇ ਪਰਮ ਪੂਜਨੀਕ ਸੁਆਮੀਸ਼੍ਰੀ ਨੇ ਸਾਡੇ ਸਾਰਿਆਂ 'ਤੇ ਅਤੇ ਆਉਣ ਵਾਲੀਆਂ ਅਨੇਕ ਪੀੜ੍ਹੀਆਂ 'ਤੇ ਮਹਾਨ ਉਪਕਾਰ ਕੀਤਾ ਹੈ। ਉਨ੍ਹਾਂ ਦੇ ਚਰਨਾਂ ਵਿਚ ਰਿਣ-ਅਨੁਭੂਤੀ-ਪੂਰਵਕ ਇਸ ਗ੍ਰੰਥ ਨੂੰ ਪ੍ਰਕਾਸ਼ਿਤ ਕਰਦੇ ਹੋਏ ਸਾਨੂੰ ਖੁਸ਼ੀ ਮਹਿਸੂਸ ਹੋ ਰਹੀ ਹੈ।

ਆਸ ਹੈ ਕਿ ਇਹ ਸੰਖੇਪ ਗ੍ਰੰਥ ਸਾਡੀ ਜੀਵਨ-ਯਾਤਰਾ ਦੇ ਅਧਿਆਤਮਕ ਰਾਹ ਨੂੰ ਵਧੇਰੇ ਸੁਖਾਲਾ, ਸਫਲ ਅਤੇ ਸਾਰਥਕ ਬਣਾਏਗਾ।

— ਸੁਆਮੀਨਾਰਾਇਣ ਅਕਸ਼ਰਪੀਠ

ਹਾੜ੍ਹ ਕ੍ਰਿਸ਼ਨ ਪ੍ਰਤਿਪਦਾ, ਸੰਨ 2020

 

ਬੇਨਤੀ

'ਸਤਿਸੰਗ-ਦੀਕਸ਼ਾ' ਗ੍ਰੰਥ ਭਗਵਾਨ ਸ਼੍ਰੀਸੁਆਮੀ-ਨਾਰਾਇਣ ਦੇ ਛੇਵੇਂ ਅਧਿਆਤਮਕ ਪੈਰੋਕਾਰ ਪ੍ਰਗਟ ਬ੍ਰਹਮਸਰੂਪ ਸ਼੍ਰੀਮਹੰਤਸੁਆਮੀਜੀ ਮਹਾਰਾਜ ਨੇ ਆਪਣੇ ਕਰ-ਕਮਲਾਂ ਨਾਲ ਗੁਜਰਾਤੀ ਭਾਸ਼ਾ ਵਿਚ ਲਿਖਿਆ ਹੈ। ਇਹ ਗ੍ਰੰਥ ਪਰਬ੍ਰਹਮ ਸ਼੍ਰੀਸੁਆਮੀਨਾਰਾਇਣ ਭਗਵਾਨ ਦੁਆਰਾ ਪ੍ਰਬੋਧਿਤ ਆਗਿਆ ਅਤੇ ਉਪਾਸਨਾ ਦੇ ਸਿਧਾਂਤ ਪੇਸ਼ ਕਰਦਾ ਹੈ। ਇਸ ਗ੍ਰੰਥ ਨੂੰ ਮਹਾਮਹੋਪਾਧਿਆਇ ਭਦ੍ਰੇਸ਼ਦਾਸ ਸੁਆਮੀਜੀ ਨੇ ਸੰਸਕ੍ਰਿਤ ਵਿਚ ਸ਼ਲੋਕ-ਬੱਧ ਕੀਤਾ ਹੈ। ਇਹ ਸਤਿਸੰਗ-ਦੀਕਸ਼ਾ ਗ੍ਰੰਥ 'ਅਕਸ਼ਰ-ਪੁਰਸ਼ੋਤਮ ਸੰਹਿਤਾ' ਨਾਂ ਦੇ ਗ੍ਰੰਥ ਦਾ ਇਕ ਭਾਗ ਹੈ। 'ਅਕਸ਼ਰਪੁਰਸ਼ੋਤਮ ਸੰਹਿਤਾ' ਭਗਵਾਨ ਸ਼੍ਰੀਸੁਆਮੀ-ਨਾਰਾਇਣ ਦੁਆਰਾ ਦਰਸਾਏ (ਉਪਦੇਸ਼ ਦਿੱਤੇ) ਸਿਧਾਂਤਾਂ ਅਤੇ ਭਗਤੀ ਦੇ ਵੱਖ-ਵੱਖ ਪੜਾਵਾਂ ਨੂੰ ਸਪੱਸ਼ਟ ਤੌਰ 'ਤੇ ਸ਼ਾਸਤਰੀ ਸ਼ੈਲੀ ਵਿਚ ਨਿਰੂਪਣ ਕਰਨ ਵਾਲਾ ਸ਼ਾਸਤਰ ਹੈ।

ਭਗਵਾਨ ਸ਼੍ਰੀਸੁਆਮੀਨਾਰਾਇਣ ਦੁਆਰਾ ਦੀਕਸ਼ਿਤ ਪਰਮਹੰਸ ਸਦਗੁਰੂ ਪ੍ਰੇਮਾਨੰਦ ਸੁਆਮੀ ਨੇ ਲਿਖਿਆ ਹੈ—

'ਅਕਸ਼ਰਨਾ ਵਾਸੀ ਵਾ'ਲੋ ਆਵਯਾ ਅਵਨੀ ਪਰ...

ਅਵਨੀ ਪਰ ਆਵੀ ਵਾ'ਲੇ ਸਤਸੰਗ ਸਥਾਪਯੋ,

ਹਰਿਜਨੋਨੇ ਕੋਲ ਕਲਯਾਣਨੋ ਆਪਯੋ ਰਾਜ.'

ਅਕਸ਼ਰਾਧਿਪਤੀ ਪਰਬ੍ਰਹਮ ਭਗਵਾਨ ਸ਼੍ਰੀਸੁਆਮੀ-ਨਾਰਾਇਣ ਅਤਿਅੰਤ ਕਰੁਣਾਮਈ ਹੋ ਕੇ ਇਸ ਧਰਤੀ 'ਤੇ ਆਏ ਅਤੇ ਅਨੰਤ ਜੀਵਾਂ ਦੇ ਪਰਮ ਕਲਿਆਣ ਦਾ ਮਾਰਗ ਖੋਲ੍ਹਿਆ। ਉਨ੍ਹਾਂ ਨੇ ਆਪ ਹੀ ਪਰਮ ਕਲਿਆਣਕਾਰੀ ਦੈਵੀ ਸਤਿਸੰਗ ਦੀ ਸਥਾਪਨਾ ਕਰ ਕੇ, ਵੈਦਿਕ ਸਨਾਤਨ ਅਕਸ਼ਰਪੁਰਸ਼ੋਤਮ ਸਿਧਾਂਤ ਨੂੰ ਪ੍ਰਕਾਸ਼ਿਤ ਕੀਤਾ।

ਸਹਿਜਾਨੰਦ ਸ਼੍ਰੀਹਰੀ ਦੁਆਰਾ ਸਥਾਪਤ ਸਤਿਸੰਗ ਵਿਸ਼ੇਸ਼ ਹੈ, ਅਦੁੱਤੀ ਹੈ। ਇਹ ਸੁਆਮੀਨਾਰਾਇਣੀ ਸਤਿਸੰਗ ਵੈਦਿਕ ਸਨਾਤਨ ਅਕਸ਼ਰਪੁਰਸ਼ੋਤਮ ਸਿਧਾਂਤ ਨੂੰ ਸਮਰਪਿਤ ਵਿਸ਼ੇਸ਼ ਜੀਵਨ-ਸ਼ੈਲੀ-ਰੂਪ ਹੈ। ਇਸ ਵਿਸ਼ੇਸ਼ ਜੀਵਨ-ਸ਼ੈਲੀਮਈ ਸਤਿਸੰਗ ਦਾ ਭਗਵਾਨ ਸ਼੍ਰੀਸੁਆਮੀਨਾਰਾਇਣ ਦੇ ਸਮੇਂ ਤੋਂ ਲੈ ਕੇ ਅੱਜ ਤਕ ਲੱਖਾਂ ਸਤਿਸੰਗੀ-ਜਨ ਪਾਲਣ ਕਰ ਰਹੇ ਹਨ। ਇਸ ਸਤਿਸੰਗ ਦੇ ਸਦੀਵੀਕਾਲੀ ਪੋਸ਼ਣ ਅਤੇ ਵਾਧੇ ਲਈ, ਭਗਵਾਨ ਸ਼੍ਰੀਸੁਆਮੀਨਾਰਾਇਣ ਨੇ ਅਕਸ਼ਰਬ੍ਰਹਮਸਰੂਪ ਗੁਣਾਤੀਤ ਗੁਰੂ ਦੀ ਪਰੰਪਰਾ ਨੂੰ ਇਸ ਲੋਕ ਵਿਚ ਅਟੁੱਟ ਰੱਖਿਆ ਹੈ।

ਪਰਬ੍ਰਹਮ ਸ਼੍ਰੀਸੁਆਮੀਨਾਰਾਇਣ ਨੂੰ ਪਿਆਰੇ ਸਤਿਸੰਗ ਦੇ ਮੁੱਖ ਦੋ ਅੰਗ ਹਨ— ਆਗਿਆ ਅਤੇ ਉਪਾਸਨਾ। ਆਗਿਆ ਅਤੇ ਉਪਾਸਨਾ ਰੂਪ ਇਹ ਸਿਧਾਂਤ ਪਰਾਵਾਣੀ-ਸਰੂਪ ਵਚਨਾਮ੍ਰਿਤ ਗ੍ਰੰਥ ਵਿਚ ਨਿਰੂਪਿਤ ਹੋਏ ਹਨ। ਪਰਮਹੰਸਾਂ ਦੁਆਰਾ ਰਚੇ ਗਏ ਗ੍ਰੰਥ ਅਤੇ ਕੀਰਤਨ ਆਦਿ ਵਿਚ ਵੀ ਥਾਂ-ਥਾਂ 'ਤੇ ਇਹ ਸਿਧਾਂਤ ਦਿਖਾਈ ਦਿੰਦੇ ਰਹੇ ਹਨ। ਅਕਸ਼ਰਬ੍ਰਹਮ ਗੁਣਾਤੀਤਾਨੰਦ ਸੁਆਮੀ ਨੇ ਆਪਣੇ ਉਪਦੇਸ਼ਾਂ ਵਿਚ ਪਰਬ੍ਰਹਮ ਭਗਵਾਨ ਸ਼੍ਰੀਸੁਆਮੀਨਾਰਾਇਣ ਦੇ ਸਰਵਉੱਚ ਸਰੂਪ ਅਤੇ ਸਾਧਨਾ ਸੰਬੰਧੀ ਸਪੱਸ਼ਟਤਾ ਕਰਕੇ ਇਨ੍ਹਾਂ ਸਿਧਾਂਤਾਂ ਨੂੰ ਅਨੇਕ ਸੰਤਾਂ ਅਤੇ ਹਰੀ-ਭਗਤਾਂ ਦੇ ਜੀਵਨ ਵਿਚ ਦ੍ਰਿੜ੍ਹ ਕੀਤਾ। ਬ੍ਰਹਮਸਰੂਪ ਭਗਤਜੀ ਮਹਾਰਾਜ ਦੀ ਕਥਾ-ਵਾਰਤਾ ਦੁਆਰਾ ਗੁਣਾਤੀਤਾਨੰਦ ਸੁਆਮੀ ਅਕਸ਼ਰਬ੍ਰਹਮ ਹਨ ਅਤੇ ਭਗਵਾਨ ਸ਼੍ਰੀਸੁਆਮੀਨਾਰਾਇਣ ਪਰਬ੍ਰਹਮ ਪੁਰਸ਼ੋਤਮ ਹਨ, ਅਜਿਹੇ ਸਤਿਸੰਗ ਦੇ ਦੈਵੀ ਸਿਧਾਂਤ ਗੂੰਜਣ ਲੱਗੇ। ਬ੍ਰਹਮਸਰੂਪ ਸ਼ਾਸਤਰੀਜੀ ਮਹਾਰਾਜ ਨੇ ਅਪਾਰ ਕਸ਼ਟ ਸਹਿਣ ਕਰ ਕੇ ਸ਼੍ਰੀਹਰੀ-ਪ੍ਰਬੋਧਿਤ ਵੈਦਿਕ ਸਨਾਤਨ ਅਕਸ਼ਰਪੁਰਸ਼ੋਤਮ ਸਿਧਾਂਤ ਨੂੰ ਸ਼ਿਖਰਬੱਧ ਮੰਦਰਾਂ ਦੇ ਨਿਰਮਾਣ ਦੁਆਰਾ ਸਾਕਾਰ ਕਰ ਦਿੱਤਾ। ਬ੍ਰਹਮਸਰੂਪ ਯੋਗੀਜੀ ਮਹਾਰਾਜ ਨੇ ਸੰਘ-ਨਿਸ਼ਠਾ, ਸੁਹਿਰਦ-ਭਾਵ ਅਤੇ ਏਕਤਾ ਦੇ ਅੰਮ੍ਰਿਤ ਪਿਲਾ ਕੇ ਸੁਆਮੀਨਾਰਾਇਣੀ ਸਤਿਸੰਗ ਨੂੰ ਅਤਿਅੰਤ ਸੁਦ੍ਰਿੜ੍ਹ ਕੀਤਾ। ਉਨ੍ਹਾਂ ਨੇ ਬਾਲ-ਯੁਵਾ-ਸਤਿਸੰਗ-ਪ੍ਰਵਿਰਤੀ ਦਾ ਵਿਸਥਾਰ ਕੀਤਾ। ਹਫ਼ਤਾਵਰੀ ਸਭਾਵਾਂ ਦੁਆਰਾ ਆਗਿਆ-ਉਪਾਸਨਾ-ਰੂਪ ਸਤਿਸੰਗ ਦਾ ਨਿੱਤ ਵਾਧਾ ਹੋਵੇ, ਅਜਿਹੀ ਨਵੀਂ ਰੀਤ ਦਾ ਆਰੰਭ ਕੀਤਾ।

ਬ੍ਰਹਮਸਰੂਪ ਪ੍ਰਮੁਖਸੁਆਮੀਜੀ ਮਹਾਰਾਜ ਨੇ ਅਣਥੱਕ ਮਿਹਨਤ ਸਦਕਾ ਇਸ ਸਤਿਸੰਗ ਦਾ ਰੱਖਿਅਣ ਅਤੇ ਪੋਸ਼ਣ ਕੀਤਾ। ਸਮੁੱਚੇ ਭੂਮੰਡਲ ਵਿਚ ਵਿਸ਼ਾਲ ਮੰਦਰਾਂ ਦੇ ਨਿਰਮਾਣ ਦੁਆਰਾ, ਵੈਦਿਕ ਸਨਾਤਨ ਧਰਮ ਦਾ ਅਨੁਸਰਨ ਕਰਨ ਵਾਲੇ ਸ਼ਾਸਤਰਾਂ ਦੀ ਰਚਨਾ ਦੁਆਰਾ ਅਤੇ ਅਨੇਕ ਨੌਜਵਾਨਾਂ ਨੂੰ ਸਾਧੂਪੁਣੇ ਦੇ ਗਹਿਣਿਆਂ ਨਾਲ ਸਜਾ ਕੇ, ਉਨ੍ਹਾਂ ਨੇ ਸਤਿਸੰਗ ਦੀ ਵਿਆਪਕਤਾ ਅਤੇ ਡੂੰਘਾਈ ਦੋਨਾਂ ਦਾ ਵਾਧਾ ਕੀਤਾ।

ਸ਼੍ਰੀਹਰੀ ਦੁਆਰਾ ਵਹਾਈ ਗਈ ਇਹ ਸਤਿਸੰਗ ਭਾਗੀਰਥੀ ਅੱਜ ਵੀ ਪ੍ਰਗਟ ਬ੍ਰਹਮਸਰੂਪ ਮਹੰਤਸੁਆਮੀਜੀ ਮਹਾਰਾਜ ਦੀ ਛਤਰ-ਛਾਇਆ ਹੇਠ ਅਨੇਕ ਮੁਮੁਕਸ਼ੁਆਂ ਨੂੰ ਪਰਮ ਮੁਕਤੀ ਦਾ ਅੰਮ੍ਰਿਤ-ਪਾਨ ਕਰਵਾ ਰਹੀ ਹੈ। ਇਕ ਹਜ਼ਾਰ ਤੋਂ ਵੱਧ ਸੰਤਾਂ ਅਤੇ ਲੱਖਾਂ ਹਰੀ-ਭਗਤਾਂ ਦਾ ਸਮੁਦਾਇ, ਸਤਿਸੰਗ ਦੇ ਸਿਧਾਂਤਾਂ ਦੇ ਨਾਲ ਦੀਕਸ਼ਿਤ ਹੋ ਕੇ ਧੰਨਤਾ ਦਾ ਅਨੁਭਵ ਕਰ ਰਿਹਾ ਹੈ; ਇਕ ਇਸ਼ਟ-ਦੇਵ, ਇਕ ਗੁਰੂ ਅਤੇ ਇਕ ਸਿਧਾਂਤ ਨੂੰ ਜੀਵਨ ਦਾ ਕੇਂਦਰ ਬਣਾ ਕੇ ਏਕਤਾ ਅਤੇ ਦੈਵੀਪਣ ਦੇ ਪਰਮ-ਸੁਖ ਦਾ ਅਹਿਸਾਸ ਕਰ ਰਿਹਾ ਹੈ।

ਸੰਪਰਦਾਇ ਵਿਚ ਭਗਵਾਨ ਸ਼੍ਰੀਸੁਆਮੀਨਾਰਾਇਣ ਦੇ ਸਮੇਂ ਤੋਂ ਲੈ ਕੇ ਸਮੇਂ-ਸਮੇਂ 'ਤੇ ਆਗਿਆ ਅਤੇ ਉਪਾਸਨਾ ਦੇ ਸਿਧਾਂਤਾਂ ਨੂੰ ਮਜ਼ਬੂਤ ਕਰ ਕੇ ਵੱਖ-ਵੱਖ ਸ਼ਾਸਤਰਾਂ ਦੀ ਰਚਨਾ ਹੁੰਦੀ ਆਈ ਹੈ। ਉਸ ਵਿਚ ਤੱਤ-ਗਿਆਨ, ਅੰਦਰੂਨੀ ਸਾਧਨਾ, ਭਗਤੀ ਦੀ ਰੀਤ, ਆਚਾਰ-ਪੱਧਤੀ ਆਦਿ ਦੇ ਨਿਰੂਪਣ ਦੁਆਰਾ ਸਤਿਸੰਗ ਦੀ ਜੀਵਨ-ਸ਼ੈਲੀ ਨੂੰ ਚੰਗੀ ਤਰ੍ਹਾਂ ਸਮਝਾਇਆ ਗਿਆ ਹੈ। ਸੰਪਰਦਾਇ ਦੇ ਕਈ ਸ਼ਾਸਤਰਾਂ ਵਿਚ ਦਰਸਾਏ ਇਨ੍ਹਾਂ ਸਿਧਾਂਤਾਂ ਦਾ ਸਾਰ, ਸੌਖੇ ਸ਼ਬਦਾਂ ਵਿਚ ਅਤੇ ਸੰਖੇਪ ਵਿਚ ਸੰਗ੍ਰਹਿਤ ਹੋਵੇ ਅਤੇ ਉਸ ਨੂੰ ਇਕ ਗ੍ਰੰਥ ਦਾ ਆਕਾਰ ਦਿੱਤਾ ਜਾਏ — ਅਜਿਹੀ ਪ੍ਰਗਟ ਬ੍ਰਹਮਸਰੂਪ ਮਹੰਤਸੁਆਮੀਜੀ ਮਹਾਰਾਜ ਦੀ ਲੰਬੇ ਸਮੇਂ ਤੋਂ ਇੱਛਾ ਸੀ। ਇਸ ਲਈ ਉਨ੍ਹਾਂ ਨੇ ਇਸ ਵਿਸ਼ੇ 'ਤੇ ਉੱਚ ਸੰਤਾਂ ਨਾਲ ਵਿਚਾਰ-ਵਟਾਂਦਰਾ ਵੀ ਕੀਤਾ। ਅਖੀਰ ਸਾਰਿਆਂ ਦੀ ਬੇਨਤੀ ਨਾਲ ਉਨ੍ਹਾਂ ਨੇ ਆਪ ਇਸ ਗ੍ਰੰਥ ਦੇ ਲਿਖਣ ਦੀ ਸੇਵਾ ਨੂੰ ਖੁਸ਼ੀ ਨਾਲ ਸਵੀਕਾਰ ਕੀਤਾ।

ਇਸ ਗ੍ਰੰਥ ਵਿਚ ਭਗਵਾਨ ਸ਼੍ਰੀਸੁਆਮੀਨਾਰਾਇਣ ਸਾਕਸ਼ਾਤ ਪਰਬ੍ਰਹਮ ਪੁਰਸ਼ੋਤਮ ਨਾਰਾਇਣ ਹਨ, ਸਰਵ-ਉੱਚ, ਸਰਵ-ਕਰਤਾ, ਸਦਾ ਦੈਵੀ ਸਾਕਾਰ ਅਤੇ ਪ੍ਰਗਟ ਹਨ; ਗੁਣਾਤੀਤ ਗੁਰੂ ਅਕਸ਼ਰਬ੍ਰਹਮ ਹਨ, ਪਰਮਾਤਮਾ ਦੇ ਅਖੰਡ ਧਾਰਕ ਹੋਣ ਨਾਲ ਪ੍ਰਤੱਖ ਨਾਰਾਇਣਸਰੂਪ ਹਨ, ਮੁਮੁਕਸ਼ੁਆਂ ਲਈ ਸ਼ਾਸਤਰ ਵਿਧੀ ਅਨੁਸਾਰ ਬ੍ਰਹਮੀ ਅਵਸਥਾ ਦਾ ਆਦਰਸ਼ ਹਨ, ਉਨ੍ਹਾਂ ਪ੍ਰਤੀ ਦ੍ਰਿੜ੍ਹ ਪ੍ਰੇਮ ਅਤੇ ਆਤਮ-ਬੁੱਧੀ ਸਾਧਨਾ ਦਾ ਸਾਰ ਹੈ — ਆਦਿ ਸਿਧਾਂਤਾਂ ਦੀ ਸਪੱਸ਼ਟਤਾ ਹੋਈ ਹੈ; ਅਕਸ਼ਰਰੂਪ ਹੋ ਕੇ ਪੁਰਸ਼ੋਤਮ ਦੀ ਦਾਸ-ਭਾਵ ਨਾਲ ਭਗਤੀ ਕਰਨੀ ਚਾਹੀਦੀ ਹੈ, ਇਹ ਸਿਧਾਂਤ ਇੱਥੇ ਭਲੀ-ਭਾਂਤ ਸਮਝਾਇਆ ਹੋਇਆ ਹੈ। ਇਸਦੇ ਨਾਲ ਹੀ ਅੰਦਰੂਨੀ ਸਾਧਨਾ ਵਿਚ ਲੋੜੀਂਦੇ ਵਿਚਾਰ ਜਿਵੇਂ ਪਰਬ੍ਰਹਮ ਦੀ ਪ੍ਰਾਪਤੀ ਦਾ ਵਿਚਾਰ, ਪਰਮਾਤਮਾ ਦੇ ਕਰਤਾਪਣ ਦਾ ਵਿਚਾਰ, ਪਰਮਾਤਮਾ ਦੀ ਪ੍ਰਸੰਨਤਾ ਦਾ ਵਿਚਾਰ, ਆਤਮ-ਵਿਚਾਰ, ਸੰਸਾਰ ਦੀ ਨਾਸ਼ਮਾਨਤਾ ਦਾ ਵਿਚਾਰ, ਪ੍ਰਭੂ-ਸੰਬੰਧ ਦੀ ਮਹਿਮਾ ਦਾ ਵਿਚਾਰ, ਗੁਣ-ਗ੍ਰਹਿਣ, ਦੈਵੀ-ਭਾਵ, ਦਾਸ-ਭਾਵ, ਅੰਤਰ-ਦ੍ਰਿਸ਼ਟੀ ਆਦਿ ਇੱਥੇ ਸ਼ਾਮਲ ਕੀਤੇ ਗਏ ਹਨ। ਉਸ ਤੋਂ ਬਾਅਦ ਬਲਹੀਣ ਗੱਲਾਂ ਦਾ ਤਿਆਗ, ਬੁਰੇ ਭਾਵ-ਔਗੁਣ ਤੋਂ ਦੂਰੀ, ਭਗਤਾਂ ਦਾ ਪੱਖ ਆਦਿ ਸਿਧਾਂਤਾਂ ਨੂੰ ਵੀ ਸ਼ਾਮਲ ਕੀਤਾ ਗਿਆ ਹੈ। ਇਸਦੇ ਨਾਲ ਮੰਦਰਾਂ ਦੀ ਸਥਾਪਨਾ ਦਾ ਉਦੇਸ਼ ਅਤੇ ਮੰਦਰਾਂ ਵਿਚ ਦਰਸ਼ਨ ਆਦਿ ਦੀਆਂ ਵੱਖ-ਵੱਖ ਰੀਤਾਂ ਦਾ ਵੀ ਇੱਥੇ ਨਿਰਦੇਸ਼ ਹੈ। ਇਸਦੇ ਇਲਾਵਾ ਸਤਿਸੰਗੀ ਲਈ ਨਿਸ਼ਚਿਤ ਨਿੱਤ ਵਿਧੀ, ਸਦਾਚਾਰ, ਨਿਯਮ-ਧਰਮ, ਹਫ਼ਤਾਵਰੀ ਸਤਿਸੰਗ-ਸਭਾ, ਘਰ-ਸਭਾ, ਘਰ-ਮੰਦਰ ਵਿਚ ਭਗਤੀ ਕਰਨ ਦੀ ਪੱਧਤੀ, ਨਿੱਤ ਪੂਜਾ, ਧਿਆਨ, ਮਾਨਸੀ ਆਦਿ ਨਿੱਤ ਸਾਧਨਾ ਵੀ ਇਸ ਗ੍ਰੰਥ ਵਿਚ ਚੰਗੀ ਤਰ੍ਹਾਂ ਪਰੋਏ ਗਏ ਹਨ।

ਇਸ ਗ੍ਰੰਥ ਦੇ ਸਿਰਲੇਖ ਵਿਚ ਵਰਤਿਆ 'ਦੀਕਸ਼ਾ' ਸ਼ਬਦ ਦਾ ਅਰਥ ਦ੍ਰਿੜ੍ਹ ਸੰਕਲਪ, ਅਟਲ ਨਿਸਚਾ ਅਤੇ ਪੂਰਨ ਸਮਰਪਣ ਹੈ। ਸਤਿਸੰਗ ਦੇ ਆਗਿਆ-ਉਪਾਸਨਾ ਨਾਲ ਸੰਬੰਧਤ ਸਿਧਾਂਤਾਂ ਨੂੰ ਜੀਵਨ ਵਿਚ ਸੁਦ੍ਰਿੜ੍ਹ ਕਰਨ ਦਾ ਸੰਕਲਪ, ਉਨ੍ਹਾਂ ਸਿਧਾਂਤਾਂ ਦੇ ਅਟਲ ਨਿਸਚੇ ਦੀ ਪ੍ਰਾਪਤੀ ਅਤੇ ਉਨ੍ਹਾਂ ਸਿਧਾਂਤਾਂ ਦੇ ਪ੍ਰਤੀ ਪੂਰਨ ਸਮਰਪਣ, ਇਹ ਜੀਵਨ-ਸੰਦੇਸ਼ ਦੀ ਪ੍ਰਤੀਧੁਨੀ ਇੱਥੇ ਸੁਣਾਈ ਦਿੰਦੀ ਹੈ।

ਇਸ ਤਰ੍ਹਾਂ ਭਗਵਾਨ ਸ਼੍ਰੀਸੁਆਮੀਨਾਰਾਇਣ ਦੁਆਰਾ ਸਥਾਪਤ ਅਤੇ ਗੁਣਾਤੀਤ ਗੁਰੂ-ਪਰੰਪਰਾ ਦੁਆਰਾ ਸ਼ੁਰੂ ਕੀਤੇ ਗਏ ਸਤਿਸੰਗ ਵਿਚ ਅੱਜ ਤਕ ਜੋ ਕੁੱਝ ਗਿਆਨ ਅਤੇ ਆਚਰਣ ਲੋੜੀਂਦਾ ਹੈ ਅਤੇ ਜੋ ਕੁੱਝ ਲੱਖਾਂ ਸਤਿਸੰਗੀ-ਜਨਾਂ ਦੇ ਜੀਵਨ ਵਿਚ ਪ੍ਰਗਟ ਹੋ ਰਿਹਾ ਹੈ, ਉਹ ਸਭ ਕੁੱਜੇ ਵਿਚ ਸਮੁੰਦਰ ਵਾਂਗ ਇਸ 'ਸਤਿਸੰਗ-ਦੀਕਸ਼ਾ' ਗ੍ਰੰਥ ਵਿਚ ਸ਼ਾਮਲ ਕੀਤਾ ਗਿਆ ਹੈ।

ਚੇਤਰ ਬਿਕਰਮੀ ਸੰਮਤ 2077, ਹਾੜ੍ਹ ਸ਼ੁਕਲ ਪੂਰਨਮਾਸ਼ੀ, ਗੁਰੂ-ਪੂਰਨਿਮਾ, ਮਿਤੀ 5 ਜੁਲਾਈ, 2020 ਦੇ ਪਵਿੱਤਰ ਪੁਰਬ 'ਤੇ, ਮਹੰਤਸੁਆਮੀਜੀ ਮਹਾਰਾਜ ਨੇ ਇਸ ਗ੍ਰੰਥ ਦਾ ਪਹਿਲਾ ਪੂਜਨ ਕਰ ਕੇ ਇਸਨੂੰ ਜਾਰੀ ਕੀਤਾ। ਇਸੇ ਦਿਨ ਉਨ੍ਹਾਂ ਨੇ ਸਾਰੇ ਸੰਤਾਂ ਅਤੇ ਹਰੀ-ਭਗਤਾਂ ਨੂੰ ਆਗਿਆ ਕੀਤੀ ਸੀ ਕਿ ਇਸ ਗ੍ਰੰਥ ਵਿਚੋਂ ਹਰ ਰੋਜ਼ 5 ਸ਼ਲੋਕਾਂ ਦਾ ਜ਼ਰੂਰ ਪਾਠ ਕਰਨ।

ਇਹ 'ਸਤਿਸੰਗ-ਦੀਕਸ਼ਾ' ਗ੍ਰੰਥ ਪ੍ਰਗਟ ਗੁਰੂਹਰੀ ਮਹੰਤਸੁਆਮੀਜੀ ਮਹਾਰਾਜ ਨੇ ਪ੍ਰਮੁਖਸੁਆਮੀਜੀ ਮਹਾਰਾਜ ਦੀ ਜਨਮ-ਸ਼ਤਾਬਦੀ ਦੇ ਭੇਟਾ ਦੇ ਰੂਪ ਵਿਚ ਭਗਵਾਨ ਸ਼੍ਰੀਸੁਆਮੀਨਾਰਾਇਣ ਅਤੇ ਗੁਣਾਤੀਤ ਗੁਰੂਜਨਾਂ ਦੇ ਚਰਨਾਂ ਵਿਚ ਸਮਰਪਿਤ ਕੀਤਾ ਹੈ।

ਨਿਰਸੰਦੇਹ, ਸ਼੍ਰੀਹਰੀ ਅਤੇ ਅਕਸ਼ਰਬ੍ਰਹਮਸਰੂਪ ਗੁਣਾਤੀਤ ਗੁਰੂਜਨਾਂ ਦੇ ਹਿਰਦੇਗਤ ਭਾਵ-ਰੂਪ 'ਸਤਿਸੰਗ' ਨੂੰ ਨਿੱਤ ਜੀਵਨ ਵਿਚ ਸਾਰਥਕ ਕਰਨ ਲਈ ਦ੍ਰਿੜ੍ਹ-ਸੰਕਲਪ-ਰੂਪ 'ਦੀਕਸ਼ਾ' ਦਾ ਨਿੱਤ ਚੇਤੇ ਕਰਵਾਉਂਦੇ ਇਸ ਗ੍ਰੰਥ ਨੂੰ ਰਚ ਕੇ, ਪ੍ਰਗਟ ਬ੍ਰਹਮਸਰੂਪ ਗੁਰੂਹਰੀ ਮਹੰਤਸੁਆਮੀਜੀ ਮਹਾਰਾਜ ਨੇ ਸਮੁੱਚੇ ਸਤਿਸੰਗ ਸਮੁਦਾਇ 'ਤੇ ਇਕ ਮਹਾਨ ਉਪਕਾਰ ਕੀਤਾ ਹੈ। ਉਨ੍ਹਾਂ ਦੇ ਇਸ ਉਪਕਾਰ ਲਈ ਅਸੀਂ ਸਦਾ ਉਨ੍ਹਾਂ ਦੇ ਰਿਣੀ (ਕਰਜ਼ਾਈ) ਰਹਾਂਗੇ। ਇਸ ਗ੍ਰੰਥ ਨੂੰ ਸੰਸਕ੍ਰਿਤ ਵਿਚ ਸ਼ਲੋਕ-ਬੱਧ ਕਰਨ ਵਾਲੇ ਮਹਾਮਹੋਪਾਧਿਆਇ ਭਦ੍ਰੇਸ਼ਦਾਸਸੁਆਮੀਜੀ ਵੀ ਧੰਨਵਾਦ ਦੇ ਪਾਤਰ ਹਨ।

ਵੈਦਿਕ ਸਨਾਤਨ ਧਰਮ ਦੇ ਅਰਕ-ਰੂਪ ਇਸ 'ਸਤਿਸੰਗ-ਦੀਕਸ਼ਾ' ਸ਼ਾਸਤਰ ਦੇ ਨਿੱਤ ਪਾਠ, ਚਿੰਤਨ, ਧਿਆਨ (ਨਿਦਿਧਆਸਨ) ਦੁਆਰਾ ਅਸੀਂ ਅਸਲ ਵਿਚ ਸੁਆਮੀਨਾਰਾਇਣੀ ਸਤਿਸੰਗ ਦੀ 'ਦੀਕਸ਼ਾ' ਪ੍ਰਾਪਤ ਕਰੀਏ, ਇਹੀ ਬੇਨਤੀ।

—ਸਾਧੂ ਈਸ਼ਵਰਚਰਣਦਾਸ

5 ਜੁਲਾਈ, 2020

ਗੁਰੂ-ਪੂਰਨਿਮਾ, ਚੇਤਰ ਬਿਕਰਮੀ ਸੰਮਤ 2077

ਅਹਿਮਦਾਬਾਦ, ਗੁਜਰਾਤ

SELECTION

Type: Keywords Exact phrase